Shaheed Baba Deep Singh Ji was a prominent Sikh warrior and martyr who played a significant role in the history of Sikhism. He is remembered for his unwavering devotion to the Sikh faith and his sacrifice in defending the Golden Temple in Amritsar. Read More Class 7 Punjabi Summaries.
ਸ਼ਹੀਦ ਬਾਬਾ ਦੀਪ ਸਿੰਘ ਜੀ Summary In Punjabi
ਸ਼ਹੀਦ ਬਾਬਾ ਦੀਪ ਸਿੰਘ ਜੀ ਪਾਠ ਦਾ ਸਾਰ
ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ 1682 ਈ: ਵਿਚ ਪਿੰਡ ਪਹੁਵਿੰਡ, ਜ਼ਿਲ੍ਹਾ ਲਾਹੌਰ ਵਿਖੇ ਹੋਇਆ । ਆਪ ਦੇ ਪਿਤਾ ਦਾ ਨਾਂ ਭਾਈ ਭਗਤਾ ਤੇ ਮਾਤਾ ਦਾ ਨਾਂ ਜਿਉਣੀ ਸੀ । ਜਵਾਨ ਹੋਣ ਤੇ ਆਪ ਆਪਣੇ ਪਿਤਾ, ਮਾਤਾ ਤੇ ਪਰਿਵਾਰ ਦੇ ਹੋਰਨਾਂ ਜੀਆਂ ਨਾਲ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਪੁੱਜੇ । ਉਨ੍ਹਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖ਼ਸ਼ੀ । ਮਾਤਾ-ਪਿਤਾ ਦੇ ਵਾਪਸ ਪਰਤ ਆਉਣ ਤੇ ਦੀਪ ਸਿੰਘ ਗੁਰੂ ਜੀ ਪਾਸ ਹੀ ਰਹੇ ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵਿੱਚ ਨੰਦੇੜ ਵਲ ਚਲ ਪਏ, ਤਾਂ ਉਨ੍ਹਾਂ ਨੇ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਦਾ ਮਹੰਤ ਥਾਪ ਦਿੱਤਾ । ਇਹ ਥਾਂ “ਗੁਰੂ ਦੀ ਕਾਸ਼ੀ ਕਹਾਈ । ਇੱਥੇ ਰਹਿੰਦਿਆਂ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਹੱਥੀਂ ਲਿਖੀਆਂ ।
ਬਾਬਾ ਦੀਪ ਸਿੰਘ ਵਿਹਲੇ ਰਹਿਣਾ ਪਸੰਦ ਨਹੀਂ ਸਨ ਕਰਦੇ ।ਇਸ ਕਰਕੇ ਆਪ ਬਾਬਾ ਬੰਦਾ ਜੀ ਦੀ ਫ਼ੌਜ ਵਿੱਚ ਸ਼ਾਮਲ ਹੋ ਗਏ ਤੇ ਕਈ ਯੁੱਧਾਂ ਵਿਚ ਬਹਾਦਰੀ ਦੇ ਕਾਰਨਾਮੇ ਕੀਤੇ ।
1757 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮੁਗ਼ਲਾਂ ਨੂੰ ਹਰਾਉਣ ਮਗਰੋਂ ਬਹੁਤ ਸਾਰਾ ਲੁੱਟ ਦਾ ਮਾਲ ਇਕੱਠਾ ਕਰ ਕੇ ਅਣਗਿਣਤ ਬੱਚਿਆਂ, ਔਰਤਾਂ ਤੇ ਮਰਦਾਂ ਨੂੰ ਕੈਦੀ ਬਣਾਇਆ । ਦਿੱਲੀ ਤੇ ਮਥਰਾ ਦੀ ਲੱਟ ਪਿੱਛੋਂ ਅਹਿਮਦ ਸ਼ਾਹ ਦੇ ਸਿਪਾਹੀ ਪੰਜਾਬ ਵਿੱਚ ਆਏ ।
ਸਿੱਖ ਸੂਰਬੀਰ ਉਨ੍ਹਾਂ ਉੱਤੇ ਟੁੱਟ ਕੇ ਪੈ ਗਏ । ਉਨ੍ਹਾਂ ਨੇ ਨਾ ਕੇਵਲ ਉਨ੍ਹਾਂ ਦਾ ਮਾਲ ਹੀ ਲੁੱਟ ਲਿਆਂ, ਸਗੋਂ ਆਪਣੇ ਕੈਦੀ ਵੀ ਛੁਡਾ ਲਏ । ਅਹਿਮਦ ਸ਼ਾਹ ਗੁੱਸੇ ਨਾਲ ਭਰ ਗਿਆ । ਆਪਣੇ ਦੇਸ਼ ਵਾਪਸ ਜਾਣ ਦੀ ਕਾਹਲੀ ਕਾਰਨ ਉਹ ਸਿੱਖਾਂ ਉੱਤੇ ਆਪਣਾ ਗੁੱਸਾ ਨਾ ਕੱਢ ਸਕਿਆ । ਉਸ ਨੇ ਆਪਣੇ ਲੜਕੇ ਤੈਮੂਰ ਨੂੰ ਪੰਜਾਬ ਦਾ ਗਵਰਨਰ ਬਣਾ ਦਿੱਤਾ ਤੇ ਕਾਬਲ ਪਹੁੰਚ ਕੇ ਉਸ ਨੇ 8,000 ਫ਼ੌਜੀ ਜਹਾਨ ਖਾਂ ਦੀ ਕਮਾਨ ਹੇਠ ਸਿੱਖਾਂ ਦੀ ਤਾਕਤ ਖ਼ਤਮ ਕਰਨ ਲਈ ਭੇਜੇ । ਜਹਾਨ ਖਾਂ ਨੂੰ ਕੋਈ ਕਾਮਯਾਬੀ ਨਾ ਹੋਈ । ਫਿਰ ਇੱਕ ਹੋਰ ਜਰਨੈਲ ਬਹੁਤ ਵੱਡੀ ਫ਼ੌਜ ਦੇ ਕੇ ਭੇਜਿਆ ਗਿਆ ।
ਇਸ ਜਰਨੈਲ ਨੇ ਪੰਜਾਬ ਪਹੁੰਚਦਿਆਂ ਹੀ ਬਹੁਤ ਸਾਰੇ ਸਿੱਖਾਂ ਨੂੰ ਕਤਲ ਕੀਤਾ ਅਤੇ ਬਹੁਤ ਸਾਰਿਆਂ ਦੇ ਘਰ-ਘਾਟ ਢਾਹ ਕੇ ਉਨ੍ਹਾਂ ਨੂੰ ਪਿੰਡਾਂ ਵਿੱਚੋਂ ਨਾ ਦਿੱਤਾ । ਅਣਗਿਣਤ ਸਿੱਖਾਂ ਨੂੰ ਜੰਗਲਾਂ ਵਿਚ ਜਾ ਕੇ ਰਹਿਣਾ ਪਿਆ । ਅੰਮ੍ਰਿਤਸਰ ਪਹੁੰਚ ਕੇ ਉਸ ਜਰਨੈਲ ਨੇ ਗੁਰੂ ਰਾਮਦਾਸ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਅਤੇ ਹਰਿਮੰਦਰ ਸਾਹਿਬ ਨੂੰ ਅਪਵਿੱਤਰ ਕਰਨ ਲੱਗਾ ।
ਇਸ ਸਮੇਂ ਬਾਬਾ ਦੀਪ ਸਿੰਘ ਜੀ ਮਾਲਵੇ ਵਿਚ ਸਨ । ਅਹਿਮਦ ਸ਼ਾਹ ਦੇ ਜਰਨੈਲ ਦੀਆਂ ਕਰਤੂਤਾਂ ਸੁਣ ਕੇ ਉਨ੍ਹਾਂ ਉਸ ਨੂੰ ਸਜ਼ਾ ਦੇਣ ਲਈ ਸਿੱਖ ਸੂਰਬੀਰਾਂ ਦਾ ਇੱਕ ਜੱਥਾ ਤਿਆਰ ਕੀਤਾ ਅਤੇ ਬਾਕੀ ਸਿੱਖਾਂ ਨੂੰ ਤਰਨਤਾਰਨ ਇਕੱਠੇ ਹੋਣ ਲਈ ਸੰਦੇਸ਼ ਭੇਜੇ । ਇਹ ਖ਼ਬਰ ਸੁਣ ਕੇ ਅਫ਼ਗਾਨ ਜਰਨੈਲ ਨੇ ਅੰਮ੍ਰਿਤਸਰ ਵਿਚ ਭਾਰੀ ਫ਼ੌਜ ਇਕੱਠੀ ਕੀਤੀ ਅਤੇ ਸ਼ਹਿਰ ਤੋਂ ਚਾਰ ਮੀਲ ਦੁਰ ਸਿੱਖਾਂ ਦਾ ਟਾਕਰਾ ਕਰਨ ਲਈ ਅੱਗੇ ਵਧਿਆ !
Shaheed Baba Deep Singh Ji Class 7
ਇਸ ਵੇਲੇ ਸਿੱਖਾਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸਨ । ਉਸ ਸਮੇਂ ਉਨ੍ਹਾਂ ਦੀ ਉਮਰ 75 ਸਾਲਾਂ ਦੀ ਸੀ, ਪਰ ਉਨ੍ਹਾਂ ਵਿਚ ਜਵਾਨਾਂ ਵਾਲਾ ਜ਼ੋਰ ਤੇ ਤਕੜਾਈ ਸੀ । ਬੁਢਾਪੇ ਵਿੱਚ ਵੀ ਉਨ੍ਹਾਂ ਅੰਦਰ ਗੱਭਰੂਆਂ ਵਾਲੀ ਦਲੇਰੀ ਸੀ । ਪਿੰਡ ਗੋਲਵੜ ਦੇ ਕੋਲ ਦੁਸ਼ਮਣਾਂ ਨਾਲ ਉਨ੍ਹਾਂ ਦਾ ਟਾਕਰਾ ਹੋਇਆ । ਦੁਸ਼ਮਣਾਂ ਨੇ ਸਿੱਖਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ । ਇਹ ਵੇਖ ਕੇ ਬਾਬਾ ਦੀਪ ਸਿੰਘ ਨੇ ਤਲਵਾਰ ਧੂਹ ਲਈ ਅਤੇ ਸਿੱਧੇ ਹਮਲੇ ਦਾ ਹੁਕਮ ਦਿੱਤਾ । ਸਿੱਖਾਂ ਨੇ ਜ਼ੋਰਦਾਰ ਹਮਲਾ ਕੀਤਾ । ਧਰਤੀ ਖੂਨ ਨਾਲ ਲਾਲ ਹੋ ਗਈ ਤੇ ਸਿੱਖਾਂ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ।
ਇਹ ਵੇਖ ਕੇ ਮੁਸਲਮਾਨ ਕਪਤਾਨ ਅਮਾਨ ਖ਼ਾਂ ਨੇ ਅੱਗੇ ਵਧ ਕੇ ਬਾਬਾ ਦੀਪ ਸਿੰਘ ਨੂੰ ਆਪਣੇ ਨਾਲ ਇਕੱਲਿਆਂ ਯੁੱਧ ਕਰਨ ਲਈ ਲਲਕਾਰਿਆ । ਹੁਣ ਦੋਹਾਂ ਸੂਰਬੀਰਾਂ ਦੀ ਲੜਾਈ ਸ਼ੁਰੂ ਹੋ ਗਈ । ਕਦੇ ਇੱਕ ਜਿੱਤਦਾ ਨਜ਼ਰ ਆਉਂਦਾ ਸੀ, ਕਦੇ ਦੂਜਾ । ਦੋਹਾਂ ਦੇ ਘੋੜੇ ਲੜਦਿਆਂ-ਲੜਦਿਆਂ ਮਰ ਗਏ । ਅਖੀਰ ਉੱਤੇ ਅਮਾਨ ਖਾਂ ਦਾ ਸਿਰ ਡਿਗ ਪਿਆ ਅਤੇ ਨਾਲ ਹੀ ਬਾਬਾ ਦੀਪ ਸਿੰਘ ਦਾ ਸਿਰ ਵੀ ਵੱਢਿਆ ਗਿਆ । ਪਰ ਉਹ ਆਪਣਾ ਸਿਰ ਤਲੀ ਉੱਤੇ ਟਿਕਾ ਕੇ ਅੱਗੇ ਵੱਧਦੇ ਗਏ । ਉਨ੍ਹਾਂ ਦਾ ਧੜ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਆ ਕੇ ਡਿਗਿਆ ।
ਇਸ ਪਿੱਛੋਂ ਲੜਾਈ ਕਾਫ਼ੀ ਚਿਰ ਤਕ ਚਲਦੀ ਰਹੀ । ਅਖੀਰ ਜਿੱਤ ਸਿੱਖਾਂ ਦੀ ਹੋਈ । ਸਿੱਖਾਂ ਦੀ ਇਸ ਜਿੱਤ ਦਾ ਸਿਹਰਾ ਬਾਬਾ ਦੀਪ ਸਿੰਘ ਜੀ ਦੇ ਸਿਰ ਬੱਝਦਾ ਹੈ । ਇਕ ਗੁਰਦਵਾਰਾ ਉਸ ਥਾਂ ਉੱਤੇ ਬਣਿਆ ਹੋਇਆ ਹੈ, ਜਿੱਥੇ ਉਨ੍ਹਾਂ ਦਾ ਸਿਰ ਵੱਢਿਆ ਗਿਆ ਸੀ ਤੇ ਦੂਜਾ ਗੁਰਦਵਾਰਾ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿਚ ਉਸ ਥਾਂ ਉੱਤੇ ਹੈ, ਜਿੱਥੇ ਉਨ੍ਹਾਂ ਦਾ ਧੜ ਡਿਗਿਆ ਸੀ ।